ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਲਈ ਨਵੀਂ ਲਿਕਰ ਪਾਲਸੀ ਫਾਈਨਲ ਹੋ ਚੁੱਕੀ ਹੈ ਤੇ ਕ੍ਰਿਸਮਿਸ ਤੋਂ ਪਹਿਲਾਂ ਇਹ ਲਾਗੂ ਹੋ ਜਾਏਗੀ। ਇਸ ਨਵੀਂ ਪਾਲਸੀ ਦਾ ਮੁੱਖ ਉਦੇਸ਼ ਅਲਕੋਹਲ ਸਬੰਧੀ ਹੁੰਦੇ ਅਪਰਾਧਾਂ ਨੂੰ ਘਟਾਉਣਾ ਹੈ। ਇਸ ਪਾਲਸੀ ਨੂੰ ਸਿਰੇ ਚੜਾਉਣ ਲਈ ਦ ਅਲਕੋਹਲ ਰੇਗੁਲੇਟਰੀ ਐਂਡ ਲਾਇਸੈਂਸਿੰਗ ਕਮੇਟੀ ਨੇ ਲੰਬੀ ਕਾਨੂੰਨੀ ਲੜ੍ਹਾਈ ਲੜੀ ਹੈ। ਇਸ ਨਵੀਂ ਪਾਲਸੀ ਨੂੰ ਲਾਗੂ ਕਰਨ ਲਈ 29 ਅਗਸਤ ਨੂੰ ਆਕਲੈਂਡ ਮੇਅਰ ਤੇ ਕਾਉਂਸਲਰ ਸਾਂਝੇ ਰੂਪ ਵਿੱਚ ਇੱਕ ਤਾਰੀਖ ਦਾ ਐਲਾਨ ਕਰਨਗੇ, ਜੋ ਕਿ ਜਾਹਿਰ ਤੌਰ 'ਤੇ ਕ੍ਰਿਸਮਿਸ ਤੋਂ ਪਹਿਲਾ ਦੀ ਤਾਰੀਖ ਹੋਏਗੀ।
ਪਾਲਸੀ ਤਹਿਤ ਅਲਕੋਹਲ ਦੀ ਵਿਕਰੀ ਸਖਤ ਲਿਹਾਇਜੇ ਤਹਿਤ 9 ਵਜੇ ਤੋਂ ਬਾਅਦ ਨਹੀਂ ਹੋ ਸਕੇਗੀ। ਜਿਨ੍ਹਾਂ ਇਲਾਕਿਆਂ ਵਿੱਚ ਠੇਕਿਆਂ ਦੀ ਗਿਣਤੀ ਜਿਆਦਾ ਹੈ ਜਾਂ ਸੀਬੀਡੀ ਜਾਂ ਆਕਲੈਂਡ ਸੈਂਟਰਲ ਦੇ ਇਲਾਕੇ ਉੱਥੇ ਨਵੇਂ ਠੇਕੇ ਨਹੀਂ ਖੋਲਣ ਦਿੱਤੇ ਜਾਣਗੇ।
ਸਾਊਥ ਆਕਲੈਂਡ ਦੇ 13 ਉਪਨਗਰ: ਟਾਕਾਨਿਨੀ, ਪੁਕੀਕੁਹੀ, ਪਾਪਾਕੂਰਾ, ਪਾਪਾਟੋਏਟੋਏ, ਮੇਨੂਰੇਵਾ, ਓਟਾਰਾ, ਉਟਾਹੂਹੂ, ਮੇਨੂਕਾਊ, ਮੈਂਗਰੀ ਈਸਟ, ਮੈਂਗਰੀ, ਹੰਟਰਜ਼ ਕੋਰਨਰ, ਵੀਰੀ, ਵੇਮਾਉਥ ਨੂੰ 'ਪ੍ਰਾਇਓਰਟੀ ਓਵਰਲੇ ਏਰੀਆ' ਦੀ ਸੂਚੀ ਵਿੱਚ ਪਾਇਆ ਗਿਆ ਹੈ, ਇਹ ਉਹ ਇਲਾਕੇ ਹਨ, ਜਿਨ੍ਹਾਂ ਵਿੱਚ ਅਲਕੋਹਲ ਸਬੰਧੀ ਅਪਰਾਧਿਕ ਘਟਨਾਵਾਂ ਜਿਆਦਾ ਵਾਪਰਦੀਆਂ ਹਨ, ਨਾ ਤਾਂ ਇੱਥੇ ਨਵੇਂ ਆਫ-ਲਾਇਸੈਂਸ ਜਾਰੀ ਕੀਤੇ ਜਾਣਗੇ ਤੇ ਨਾਲ ਹੀ ਅਲਕੋਹਲ ਦੀ ਵਿਕਰੀ ਸਬੰਧੀ ਵਿਸ਼ੇਸ਼ ਸਖਤ ਹਿਦਾਇਤਾਂ ਵੀ ਲਾਗੂ ਹੋਣਗੀਆਂ।
ਤਸਵੀਰ ਵਿੱਚ ਦਿਖਾਏ ਗਏ ਡਾਕਟਰ ਗ੍ਰਾਂਟ ਹਿਊਸਨ ਇਸ ਪਾਲਸੀ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸ਼ੁਰੂ ਤੋਂ ਹੀ ਸੰਘਰਸ਼ੀਲ ਰਹਿਣ ਵਾਲੀ ਸ਼ਖਸ਼ੀਅਤ ਹੈ ਤੇ ਉਹ ਸਾਊਥ ਆਕਲੈਂਡ ਵਿੱਚ ਵਧੀਆਂ ਲੋੜ ਤੋਂ ਵੱਧ ਲਿਕਰ ਸਟੋਰਾਂ ਦੇ ਸ਼ੁਰੂ ਤੋਂ ਹੀ ਖਿਲਾਫ ਹਨ।