ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਿਟੀ ਲਈ ਬਤੌਰ ਕਾਂਸਟੇਬਲ ਸੇਵਾਵਾਂ ਦਿੰਦੀਆਂ ਮਹਿਲਾ ਕਾਂਸਟੇਬਾਲ ਪੇਰਾਟੀਨ ਤੇ ਓਲੀਵਰ ਸੱਚਮੁੱਚ ਹੀ ਹੌਂਸਲਾਵਧਾਈ ਦੀਆਂ ਹੱਕਦਾਰ ਹਨ, ਜਿਨ੍ਹਾਂ ਨੇ ਸਮਾਂ ਰਹਿੰਦਿਆਂ ਆਪਣੀ ਸੂਝ-ਬੂਝ ਤੋਂ ਕੰਮ ਲਿਆ ਤੇ ਕਾਹੁਰਾਂਗੀ ਦੇ ਜਨਮ ਵਿੱਚ ਆਪਣਾ ਹਿੱਸਾ ਪਾਇਆ। ਕਾਹੁਰਾਂਗੀ ਦੀ ਮਾਂ ਨੁਰੋਆ ਏਲੀਆ ਦੋਨਾਂ ਨੂੰ ਫਰਿਸ਼ਤਿਆਂ ਤੋਂ ਘੱਟ ਨਹੀਂ ਜਾਣਦੀ, ਜਿਨ੍ਹਾਂ ਨੇ ਸਮਾਂ ਰਹਿੰਦਿਆਂ ਉਸਦੀ ਮੱਦਦ ਕੀਤੀ।
ਗੱਲ ਬੀਤੀ 29 ਜੁਲਾਈ ਦੀ ਹੈ, ਜਦੋਂ ਦੋਨੋਂ ਕਾਂਸਟੇਬਲ ਆਕਲੈਂਡ ਸਿਟੀ ਦੇ ਗਰੇਈਜ਼ ਐਵੇਨਿਊ ਵਿੱਚ ਇੱਕ ਟ੍ਰੈਸਪਾਸ ਨੋਟਿਸ ਦੇਣ ਗਏ ਸਨ, ਉਸੇ ਇਮਾਰਤ ਦੀ 8ਵੀਂ ਮੰਜਿਲ ਦੇ ਲਾਉਂਜ ਰੂਮ ਵਿੱਚ ਨੁਰੋਆ ਜਨੇਪੇ ਦੀਆਂ ਦਰਦਾਂ ਨਾਲ ਚਿਲਾਅ ਰਹੀ ਸੀ। ਮੌਕੇ 'ਤੇ ਐਂਬੂਲੈਂਸ ਨਹੀਂ ਪੁੱਜੀ ਸੀ ਤੇ ਸਕਿਓਰਟੀ ਗਾਰਡ ਵਲੋਂ ਮਾਮਲੇ ਦੀ ਜਾਣਕਾਰੀ ਦਿੱਤੇ ਜਾਣ 'ਤੇ ਦੋਨਾਂ ਕਾਂਸਟੇਬਲਾਂ ਨੇ ਕਿਸੇ ਤਰੀਕੇ ਚੁੱਕ ਕੇ ਨੁਰੋਆ ਨੂੰ ਆਪਣੀ ਕਾਰ ਕੋਲ ਲੈਕੇ ਆਉਂਦਾ, ਕਿਉਂਕਿ ਦਰਦ ਭਰੀ ਹਾਲਤ ਵਿੱਚ ਨੁਰੋਆ ਤੁਰ ਨਹੀਂ ਪਾ ਰਹੀ ਸੀ।
ਗੱਡੀ ਵਿੱਚ ਬਿਠਾਉਣ ਤੋਂ ਬਾਅਦ ਦੋਨਾਂ ਨੇ ਗੱਡੀ ਦੇ ਸਾਇਰਨ ਸ਼ੁਰੂ ਕੀਤੇ ਤੇ ਆਕਲੈਂਡ ਸਿਟੀ ਹਸਪਤਾਲ ਵੱਲ ਤੁਰ ਪਏ, ਪਰ ਅੱਧ ਰਸਤੇ ਹੀ ਕਾਹੁਰਾਂਗੀ ਦਾ ਜਨਮ ਹੋ ਗਿਆ। ਦੋਨੋਂ ਜੱਚਾ-ਬੱਚਾ ਬਿਲਕੁਲ ਰਾਜੀ ਹਨ ਅਤੇ ਬੀਤੇ ਦਿਨੀਂ ਦੋਨੋਂ ਕਾਂਸਟੇਬਲ, ਮਾਂ-ਪੁੱਤ ਨੂੰ ਮਿਲਣ ਤੇ ਕਾਹੁਰਾਂਗੀ ਲਈ ਕਈ ਤਰ੍ਹਾਂ ਦੇ ਉਪਹਾਰ ਲੈ ਕੇ ਮਿਲਣ ਪੁੱਜੀਆਂ ਸਨ।