ਆਕਲੈਂਡ (ਹਰਪ੍ਰੀਤ ਸਿੰਘ) - ਤੂਫਾਨੀ ਹਵਾਵਾਂ ਕਾਰਨ ਹਾਰਬਰ ਬ੍ਰਿਜ 'ਤੇ ਲੰਘਣ ਵਾਲੇ ਕਾਰ ਚਾਲਕਾਂ ਨੂੰ ਆਪਣੀ ਰਫਤਾਰ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਇਸਦੇ ਨਾਲ ਵੱਡੀਆਂ ਗੱਡੀਆਂ ਜਿਵੇਂ ਕਿ ਟਰੱਕ ਆਦਿ ਅਤੇ ਮੋਟਰਸਾਈਕਲ ਸਵਾਰਾਂ ਨੂੰ ਤੂਫਾਨੀ ਹਵਾਵਾਂ ਦੇ ਰੁਕਣ ਤੱਕ ਪੁੱਲ ਨਾ ਪਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਅੱਜ ਸਵੇਰ ਤੋਂ ਹੀ ਪੁੱਲ ਨਾਲ 75 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਟਕਰਾ ਰਹੀਆਂ ਹਨ। ਦਰਅਸਕ ਐਂਟਰਕਟੀਕਾ ਤੋਂ ਆਉਣ ਵਾਲੀਆਂ ਤੂਫਾਨੀ ਤੇ ਠੰਢੀਆਂ ਹਵਾਵਾਂ ਕਾਰਨ ਨਿਊਜੀਲੈਂਡ ਭਰ ਵਿੱਚ ਇਸ ਵੇਲੇ ਮੌਸਮ ਖਰਾਬ ਬਣਿਆ ਹੋਇਆ ਹੈ। ਭਾਰੀ ਬਾਰਿਸ਼, ਗੜੇਮਾਰੀ ਤੇ ਠੰਢੀਆਂ ਹਵਾਵਾਂ ਕਾਰਨ ਦੇਸ਼ ਦੇ ਬਹੁਤੇ ਇਲਾਕੇ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ।