ਆਕਲੈਂਡ (ਹਰਪ੍ਰੀਤ ਸਿੰਘ) - ਅਦੀਤੀ ਜਦੋਂ 2022 ਵਿੱਚ ਨਿਊਜੀਲੈਂਡ ਸਟੱਡੀ ਵੀਜੇ 'ਤੇ ਆਈ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਕਿਉਂਕਿ ਉਹ ਨਿਊਜੀਲੈਂਡ ਰਹਿੰਦੇ ਆਪਣੇ ਬੋਏਫ੍ਰੈਂਡ ਸਾਹਿਲ ਮਹਿਤਾ ਕੋਲ ਆ ਗਈ ਸੀ, ਆਕਲੈਂਡ ਵਿੱਚ ਪੜ੍ਹਦਿਆਂ ਉਸਨੂੰ ਰਵੀ ਰੈਡੀ ਨਾਮ ਦੇ ਸ਼ਖਸ ਦੀ ਟਾਰਗੇਟ ਜੋਬਸ ਨਾਮ ਦੀ ਕੰਪਨੀ ਨਾਲ ਪਾਰਟਟਾਈਮ ਕੰਮ ਕਰਨ ਦਾ ਮੌਕਾ ਮਿਿਲਆ। ਅਦੀਤੀ ਘਰੋਂ ਕੰਮ ਕਰ ਰਹੀ ਸੀ ਤੇ ਕੁਝ ਦਿਨਾਂ ਬਾਅਦ ਉਸਨੇ ਇਹ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਕੰਪਨੀ ਉਸਨੂੰ ਸਮੇਂ ਸਿਰ ਤਨਖਾਹ ਨਹੀਂ ਦੇ ਰਹੀ ਸੀ ਤੇ ਕੰਮ ਛੱਡਣ ਮੌਕੇ ਵੀ ਉਸਨੇ ਹਜਾਰ ਡਾਲਰ ਦੇ ਕਰੀਬ ਕੰਪਨੀ ਤੋਂ ਲੈਣੇ ਸਨ। ਕੰਮ ਕਰਨ ਦੇ ਇਸ ਸਮੇਂ ਦੌਰਾਨ ਉਹ ਰਵੀ ਰੈਡੀ ਨੂੰ ਕਦੇ ਵੀ ਨਹੀਂ ਮਿਲੀ ਸੀ, ਬਲਕਿ ਕੰਪਨੀ ਮੈਨੇਜਰ ਨਾਲ ਹੀ ਉਸਦਾ ਆਨਲਾਈਨ ਰਾਬਤਾ ਹੁੰਦਾ ਸੀ।
ਇਸੇ ਦੌਰਾਨ ਪਾਪਾਟੋਏਟੋਏ ਵਿੱਚ 40 ਪ੍ਰਵਾਸੀ ਕਰਮਚਾਰੀਆਂ ਦੇ ਇੱਕੋ ਘਰ ਵਿੱਚ ਮਾੜੀ ਹਾਲਤ ਵਿੱਚ ਰਹਿਣ ਦੀ ਖਬਰ ਸਾਹਮਣੇ ਆਈ, ਜਿਸ ਬਾਰੇ ਅਦੀਤੀ ਨੂੰ ਕੁਝ ਵੀ ਨਹੀਂ ਪਤਾ ਸੀ, ਪਰ ਅਸਲ ਵਿੱਚ ਰਵੀ ਰੈਡੀ ਦੀ ਕੰਪਨੀ ਨੇ ਹੀ ਉਨ੍ਹਾਂ ਤੋਂ ਨਿਊਜੀਲੈਂਡ ਦੇ ਵਰਕ ਵੀਜੇ ਲਈ ਪ੍ਰਤੀ ਵਿਅਕਤੀ ਹਜਾਰਾਂ ਡਾਲਰ ਉਗਰਾਹੇ ਸਨ ਤੇ ਉਨ੍ਹਾਂ ਨੂੰ ਨਿਊਜੀਲੈਂਡ ਬੁਲਾਇਆ ਸੀ।
ਅਦੀਤੀ ਨੂੰ ਇੱਕ ਵਾਰ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਵੀ ਕਾਲ ਆਈ ਕਿ ਉਹ ਉਸ ਨਾਲ ਪੁੱਛਗਿੱਛ ਕਰਨਾ ਚਾਹੁੰਦੇ ਹਨ, ਪਰ ਅਦੀਤੀ ਨੇ ਇਹ ਕਹਿੰਦਿਆਂ ਇਸ ਗੱਲ ਤੋਂ ਪੱਲਾ ਝਾੜ ਤਾਂ ਕਿ ਉਹ ਇਸ ਕਿਸੇ ਵੀ ਅਜਿਹੇ ਮਾਮਲੇ ਵਿੱਚ ਨਹੀਂ ਪੈਣਾ ਚਾਹੁੰਦੀ। ਖੈਰ ਇਸ ਦੌਰਾਨ ਉਸਦਾ ਸਟੱਡੀ ਵੀਜਾ ਖਤਮ ਹੋਣ ਵਾਲਾ ਸੀ ਤੇ ਉਸਨੂੰ ਆਪਣੇ ਪਾਰਟਰਨਰ ਵੀਜਾ ਦੀ ਉਡੀਕ ਸੀ ਅਤੇ ਇਸੇ ਦੌਰਾਨ ਉਹ ਵਾਪਿਸ ਇੰਡੀਆ ਆਪਣੀ ਮੰਗਣੀ ਦੀ ਪਾਰਟੀ ਲਈ ਚਲੇ ਗਈ। ਪਰ ਬਾਅਦ ਵਿੱਚ ਇਮੀਗ੍ਰੇਸ਼ਨ ਨੇ ਉਸਦਾ ਵੀਜਾ ਇਹ ਕਹਿੰਦਿਆਂ ਰੱਦ ਕਰਤਾ ਕਿ ਉਹ ਚੰਗੇ ਕਿਰਦਾਰ ਦੀਆਂ ਸ਼ਰਤਾਂ ਨਹੀਂ ਨਿਭਾਉਂਦੀ, ਇਸ ਤੋਂ ਬਾਅਦ ਉਸਨੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਆਪਣੇ ਨਾਲ ਰਵੀ ਰੈਡੀ ਅਤੇ ਉਸਦੀ ਕੰਪਨੀ ਵਲੋਂ ਕੀਤੇ ਧੱਕੇ ਬਾਰੇ ਵੀ ਦੱਸਿਆ ਪਰ ਇਮੀਗ੍ਰੇਸ਼ਨ ਨੇ ਉਸਦੀ ਇੱਕ ਨਾ ਸੁਣੀ ਤੇ ਬਿਨ੍ਹਾਂ ਕੋਈ ਸਬੂਤ ਦਿੱਤਿਆਂ ਉਸਦਾ ਵੀਜਾ ਅਜੇ ਤੱਕ ਵੀ ਨਹੀਂ ਜਾਰੀ ਕੀਤਾ। ਹੁਣ ਅਦੀਤੀ ਲਈ ਵਕਾਲਤ ਕਰ ਰਹੇ ਮਸ਼ਹੂਰ ਇਮੀਗ੍ਰੇਸ਼ਨ ਵਕੀਲ ਐਲੀਸਟਰ ਮੈਕਲੀਮੋਂਟ ਦਾ ਕਹਿਣਾ ਹੈ ਕਿ ਅਦੀਤੀ ਨਾਲ ਇਹ ਸਰਾਸਰ ਧੱਕਾ ਹੋਇਆ ਹੈ, ਕਿਉਂਕਿ ਉਹ ਕਿਸੇ ਪਾਸਿਓਂ ਦੋਸ਼ੀ ਤਾਂ ਸਾਬਿਤ ਨਹੀਂ ਹੋਈ, ਪਰ ਉਸਨੂੰ ਸ਼ੁਰੂਆਤ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਛਾਣਬੀਣ ਲਈ ਕੀਤੀ ਨਾਂਹ ਦਾ ਗੁੱਸਾ ਝੱਲਣਾ ਪੈ ਰਿਹਾ ਹੈ, ਜਦਕਿ ਮੁੱਖ ਦੋਸ਼ੀ ਰਵੀ ਰੈਡੀ ਨਿਊਜੀਲੈਂਡ ਛੱਡ ਚੁੱਕਾ ਹੈ, ਕੰਪਨੀ ਦਾ ਡਾਇਰੈਕਟਰ ਜੋ ਰਵੀ ਰੈਡੀ ਲਈ ਕੰਮ ਕਰ ਰਿਹਾ ਸੀ, ਉਸ 'ਤੇ ਵੀ ਕੋਈ ਦੋਸ਼ ਦਾਇਰ ਨਹੀਂ ਹੋਏ ਹਨ, ਪਰ ਇਸ ਸਭ ਵਿੱਚ ਬਿਨ੍ਹਾਂ ਕਿਸੇ ਸਬੂਤ ਅਦੀਤੀ ਨੂੰ ਇਸਦਾ ਨਤੀਜਾ ਭੁਗਤਣਾ ਪੈ ਰਿਹਾ ਹੈ।