ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਨਾਲ ਸਬੰਧਤ ਲੋਅ ਸਕਿਲਡ ਪ੍ਰਵਾਸੀ ਕਰਮਚਾਰੀਆਂ ਲਈ ਵਧਾਈ ਸਖਤੀ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਇਸ਼ਾਰਾ ਦਿੱਤਾ ਹੈ ਕਿ ਕੁਝ ਵਿਸ਼ੇਸ਼ ਕਿੱਤਿਆਂ ਨਾਲ ਸਬੰਧਤ ਲੋਅ ਸਕਿਲਡ ਕਰਮਚਾਰੀਆਂ ਲਈ ਨਿਯਮਾਂ ਵਿੱਚ ਨਰਮਾਈ ਲਿਆਉਂਦੀ ਜਾਏਗੀ ਤਾਂ ਜੋ ਇਨ੍ਹਾਂ ਕਾਰੋਬਾਰਾਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ ਨੂੰ ਖਤਮ ਕੀਤਾ ਜਾ ਸਕੇ। ਦਰਅਸਲ ਸਰਕਾਰ ਵਲੋਂ ਲੇਵਲ 4-5 ਦੇ ਕਰਮਚਾਰੀਆਂ ਲਈ ਵਧਾਈਆਂ ਸਖਤਾਈਆਂ ਤੋਂ ਬਾਅਦ ਸਰਕਾਰ ਲਗਾਤਾਰ ਸੁਆਲਾਂ ਦੇ ਘੇਰੇ ਵਿੱਚ ਸੀ, ਕਿਉਂਕਿ ਕਾਰੋਬਾਰੀਆਂ ਦੀ ਚਿੰਤਾ ਸੀ ਕਿ ਇਨ੍ਹਾਂ ਬਦਲਾਵਾਂ ਨਾਲ ਉਨ੍ਹਾਂ ਨੂੰ ਮਾਹਿਰ ਕੀਤੇ ਕਰਮਚਾਰੀ ਨੂੰ ਇੱਕ ਸਮਾਂ ਸੀਮਾ ਤੋਂ ਬਾਅਦ ਰੱਖਣਾ ਔਖਾ ਹੋ ਜਾਏਗਾ ਤੇ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰੇਸ਼ਾਨੀ ਦਾ ਸਾਹਮਣਾ ਕਰੇਗਾ।
ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਬਿਆਨ ਦਿੱਤਾ ਹੈ ਕਿ ਜਲਦ ਹੀ ਬਦਲਾਵਾਂ ਦੀ ਸੰਭਾਵਨਾ ਹੈ ਤੇ ਇਸ ਮਸਲੇ ਤੇ ਉਨ੍ਹਾਂ ਵਾਈਨ, ਡੇਅਰੀ, ਸੀਫੂਡ, ਮੈਨੁਫੈਕਚਰਿੰਗ, ਮੀਟ ਪ੍ਰੋਸੈਸਿੰਗ, ਫੋਰੇਸਟਰੀ, ਟੂਰਿਜ਼ਮ ਕਾਰੋਬਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ।