ਆਕਲੈਂਡ (ਹਰਪ੍ਰੀਤ ਸਿੰਘ) - ਵੈਸੇ ਤਾਂ ਹੈਲਥਕੇਅਰ ਨਾਲ ਸਬੰਧਤ ਕੰਮ ਕਰਦੀਆਂ ਨਰਸਾਂ ਦੀ ਘਾਟ ਹਮੇਸ਼ਾ ਹੀ ਸਾਰੇ ਦੇਸ਼ਾਂ ਵਿੱਚ ਦੇਖਣ ਨੂੰ ਮਿਲਦੀ ਹੈ, ਪਰ ਜਿਸ ਤਰ੍ਹਾਂ ਆਕਲੈਂਡ ਵਿੱਚ ਨਰਸਾਂ ਦੀ ਭਰਤੀ ਲਈ ਲੱਗੇ ਫੇਅਰ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਇੱਕਠੀਆਂ ਹੋਈਆਂ ਨਰਸਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਇਹ ਸੱਚਮੁੱਚ ਹੈਰਾਨੀਜਣਕ ਸੀ। ਇਹ ਨਰਸਾਂ ਕੰਮ ਦੀ ਭਾਲ ਲਈ ਲਾਚਾਰ ਲੱਗ ਰਹੀਆਂ ਸਨ।
ਦਰਅਸਲ ਨਿਊਜੀਲੈਂਡ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਟ੍ਰੈਨਿੰਗ ਹਾਸਿਲ ਕਰ ਪੁੱਜੀਆਂ ਨਰਸਾਂ ਆ ਚੁੱਕੀਆਂ ਹਨ, ਜਿਸ ਕਾਰਨ ਨਰਸਾਂ ਦੀ ਵਕੈਂਸੀਆਂ ਘੱਟ ਗਈਆਂ ਹਨ। ਤੇ ਨਾਲ ਹੀ ਇੱਥੇ ਆਉਣ ਲਈ ਪਹਿਲਾਂ ਇਨ੍ਹਾਂ ਦੀ ਅਸੈਸਮੈਂਟ ਵਜੋਂ ਇਨ੍ਹਾਂ ਨੂੰ ਸਟੂਡੈਂਟ ਵੀਜਾ ਤੇ ਫਿਰ ਬਾਅਦ ਵਿੱਚ ਵਰਕ ਵੀਜਾ ਜਾਰੀ ਹੁੰਦਾ ਹੈ, ਜਿਸ ਲਈ ਇਮਪਲਾਇਰ ਦੀ ਸਪਾਂਸਰਸ਼ਿਪ ਜਰੂਰੀ ਹੁੰਦੀ ਹੈ। ਫੇਅਰ ਵਿੱਚ ਅਜਿਹੀਆਂ ਕਈ ਨਰਸਾਂ ਵੀ ਮਿਲੀਆਂ, ਜਿਨ੍ਹਾਂ ਨੂੰ ਕਈ ਹਫਤੇ ਜਾਂ ਮਹੀਨਿਆਂ ਤੋਂ ਕੰਮ ਨਹੀਂ ਲੱਭਿਆ ਤੇ ਇਹ ਕਿਸੇ ਦਿਹਾੜੀਦਾਰ ਦੀ ਤਰ੍ਹਾਂ ਲਾਈਨਾਂ ਵਿੱਚ ਲੱਗੀਆਂ ਕੰਮ ਲੱਭ ਰਹੀਆਂ ਨਜਰ ਆਈਆਂ।