ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਟਾਹੂਹੂ ਵਿਖੇ ਬੀਤੇ ਦਿਨੀਂ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਭਾਰਤੀ ਮੂਲ ਦੇ ਸ਼ੈਫ ਵਜੋਂ ਕੰਮ ਕਰਦੇ ਗਗਨ ਧਮੀਜਾ ਨੂੰ ਸੜਕ 'ਤੇ ਜਾਂਦਿਆਂ ਉਸ 'ਤੇ ਤੇਜਧਾਰ ਛੁਰੇ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਸ ਹਮਲੇ ਵਿੱਚ ਨੌਜਵਾਨ ਦੇ ਸੱਜੇ ਹੱਥ ਦੀਆਂ 2 ਉਂਗਲਾਂ ਵੱਢੀਆਂ ਗਈਆਂ ਹਨ।
ਗਗਨ ਦੇ ਦੱਸੇ ਅਨੁਸਾਰ ਉਹ ਉਟਹੂਹੂ ਦੀ ਬੇਰਡਸ ਰੋਡ 'ਤੇ ਜਾ ਰਿਹਾ ਸੀ, ਜਦੋਂ ਪਿੱਛੋਂ ਅਚਾਨਕ ਤੇਜੀ ਨਾਲ ਗੱਡੀ ਚਲਾਉਂਦਾ ਨੌਜਵਾਨ ਹਾਰਨ ਮਾਰਨ ਲੱਗ ਪਿਆ ਤੇ ਜਿਵੇਂ ਹੀ ਗਗਨ ਨੇ ਉਸਨੂੰ ਸਾਈਡ ਦਿੱਤੀ ਉਸਨੇ ਕਾਰ ਗਗਨ ਦੀ ਕਾਰ ਦੇ ਅੱਗੇ ਰੋਕ ਦਿੱਤੀ ਤੇ ਉਸਨੂੰ ਡਰਾਉਂਦਿਆਂ-ਧਮਕਾਉਂਦਿਆਂ ਉਸ 'ਤੇ ਤੇਜਧਾਰ ਛੁਰੇ ਨਾਲ ਹਮਲਾ ਕਰ ਦਿੱਤਾ। ਆਪਣੇ ਬਚਾਅ ਵਿੱਚ ਗਗਨ ਜਦੋਂ ਹੱਥ ਅੱਗੇ ਕੀਤੇ ਤਾਂ ਉਸਦੇ ਹੱਥ ਦੀਆਂ 2 ਉਂਗਲਾਂ ਵੱਢੀਆਂ ਗਈਆਂ।
ਗਗਨ ਅਨੁਸਾਰ ਇਹ ਸਭ ਸਿਰਫ 15-20 ਸੈਕਿੰਡ ਵਿੱਚ ਹੋਇਆ ਅਤੇ ਇਹ ਵੀ ਕਿ ਨਸ਼ੇ ਦੀ ਹਾਲਤ ਵਿੱਚ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ। ਖੈਰ ਗਗਨ ਨੂੰ ਮਿਡਲਮੋਰ ਹਸਪਤਾਲ ਤਾਂ ਭਰਤੀ ਕਰਵਾਇਆ ਗਿਆ ਤੇ ਸਰਜਨਾਂ ਨੇ ਉਸ ਦੀਆਂ ਉਂਗਲਾਂ ਵੀ ਜੋੜ ਦਿੱਤੀਆਂ ਹਨ, ਪਰ ਪੂਰੀ ਤਰ੍ਹਾਂ ਠੀਕ ਹੋਣ ਨੂੰ ਗਗਨ ਨੂੰ ਘੱਟੋ-ਘੱਟ 18 ਮਹੀਨੇ ਦਾ ਸਮਾਂ ਲੱਗੇਗਾ।
ਦੂਜੇ ਪਾਸੇ ਪੁਲਿਸ ਨੇ ਇੱਕ 30 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਅੱਜ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ ਪੇਸ਼ੀ ਕਰਵਾਈ ਗਈ ਹੈ।