ਆਕਲੈਂਡ (ਹਰਪ੍ਰੀਤ ਸਿੰਘ) - ਵੈਸੇ ਤਾਂ ਪਹਿਲਾਂ ਹੀ ਭਾਈਚਾਰੇ ਤੋਂ ਬਹੁਤ ਜਣੇ 'ਜਸਟਿਸ ਆਫ ਪੀਸ' ਜਿਹੀਆਂ ਭੂਮਿਕਾਵਾਂ ਨਿਭਾਉਂਦੇ ਆ ਰਹੇ ਹਨ, ਪਰ ਮਨਿਸਟਰੀ ਆਫ ਜਸਟਿਸ ਅਧੀਨ ਆਉਂਦੇ 'ਇਸ਼ੁਇੰਗ ਅਫਸਰ' ਵਜੋਂ ਪਹਿਲੀ ਵਾਰ ਨਿਊਜੀਲੈਂਡ ਵਿੱਚ ਕਿਸੇ ਅਮ੍ਰਿਤਧਾਰੀ ਸਿੱਖ ਦੀ ਚੋਣ ਹੋਈ ਹੈ। ਕਰਮਜੀਤ ਸਿੰਘ ਤਲਵਾੜ ਨੂੰ ਇਹ ਜਿੰਮੇਵਾਰੀ ਨਿਊਜੀਲੈਂਡ ਦੇ 'ਅਟਾਰਟਨੀ ਜਨਰਲ' ਵਲੋਂ ਸੌਂਪੀ ਗਈ ਹੈ ਤੇ ਆਉਂਦੇ 3 ਸਾਲ ਕਰਮਜੀਤ ਸਿੰਘ ਇਸ ਲਈ ਚੁਣੇ ਗਏ ਹਨ।
ਇਸ ਡਿਊਟੀ ਵਿੱਚ ਕਿਸੇ ਕਾਨੂੰਨੀ ਕਾਰਵਾਈ ਦੌਰਾਨ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਉਨ੍ਹਾਂ ਦੀ ਘੋਖ ਕਰਦਿਆਂ ਵਾਰੰਟ ਜਾਰੀ ਕੀਤੇ ਜਾਣ ਦੀ ਜਿੰਮੇਵਾਰੀ ਹੁੰਦੀ ਹੈ। ਇਹ ਵਾਰੰਟ ਕਾਨੂੰਨ ਅਧੀਨ ਅਮਲ ਵਿੱਚ ਲਿਆਏ ਜਾਂਦੇ ਹਨ ਜਾਂ ਨਹੀਂ, ਇਹ ਵਾਰੰਟ ਕਿੰਨੇ ਸਮੇਂ ਲਈ ਜਾਇਜ ਰਹਿਣਗੇ, ਇਹ ਵੀ ਇਸ਼ੁਇੰਗ ਅਫਸਰ ਦੀ ਜਿੰਮੇਵਾਰੀ ਹੁੰਦੀ ਹੈ।
ਕਰਮਜੀਤ ਸਿੰਘ ਭਾਈਚਾਰੇ ਲਈ ਵੀ ਅਣਥੱਕ ਸੇਵਾਵਾਂ ਨਿਭਾਉਣ ਲਈ ਅੱਗੇ ਰਹਿੰਦੇ ਹਨ ਤੇ ਗੁਰਦੁਆਰਾ ਸਾਹਿਬ ਨੋਰਥਸ਼ੋਰ ਦੇ ਮੁੱਖ ਸੇਵਾਦਾਰ ਦੀ ਸੇਵਾ ਵੀ ਨਿਭਾਅ ਰਹੇ ਹਨ।