ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਪੂਰੇ ਆਸਟ੍ਰੇਲੀਆ ਦੇ ਮੁਕਾਬਲੇ ਸਭ ਤੋਂ ਜਿਆਦਾ ਭਾਰਤੀ ਰਹਿੰਦੇ ਹਨ ਤੇ ਵਿਕਟੋਰੀਆ ਪ੍ਰੀਮੀਅਰ ਜੈਸਿੰਟਾ ਐਲਨ ਵੀ ਭਾਰਤੀਆਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਖੁਝੰਣਾ ਨਹੀਂ ਚਾਹੁੰਦੇ ਹਨ, ਇਸੇ ਲਈ ਉਨ੍ਹਾਂ ਨੇ ਭਾਰਤ ਵਿੱਚ ਕਾਫੀ ਸਫਲਤਾ ਨਾਲ ਚੱਲ ਰਹੀ ਪ੍ਰੋ-ਕਬੱਡੀ ਲੀਗ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਦੀ ਗੱਲ ਆਖੀ ਹੈ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਂਦੇ 18 ਮਹੀਨਿਆਂ ਵਿੱਚ ਪ੍ਰੋ-ਕਬੱਡੀ ਲੀਗ ਦਾ ਸ਼ੋਅਕੇਸ ਮੈਲਬੋਰਨ ਵਿੱਚ ਵੀ ਹੋਏਗਾ ਤੇ ਇਸ ਲਈ 'ਡਿਜ਼ਨੀ ਸਟਾਰ' ਤੇ ਪ੍ਰੋ-ਕਬੱਡੀ ਲੀਗ ਦੇ ਕਮਿਸ਼ਨਰ ਅਨੁਪਮ ਗੋਸਵਾਮੀ ਨਾਲ ਗੱਲਬਾਤ ਹੋ ਚੁੱਕੀ ਹੈ। ਪ੍ਰੀਮੀਅਰ ਜੈਸਿੰਟਾ ਐਲਨ ਨੇ ਇਹ ਖਬਰ ਵੀ ਸਾਂਝੀ ਕੀਤੀ ਕਿ ਵਿਕਟੋਰੀਆ ਨੂੰ ਉਹ ਦੁਨੀਆਂ ਭਰ ਦੀ ਸਪੋਰਟਸ ਹੱਬ ਬਨਾਉਣਾ ਚਾਹੁੰਦੇ ਹਨ।
ਭਾਰਤ ਵਿੱਚ ਪ੍ਰੋ-ਕਬੱਡੀ ਲੀਗ ਨੂੰ ਹਰ ਸਾਲ 300 ਮਿਲੀਅਨ ਤੋਂ ਵਧੇਰੇ ਲੋਕਾਂ ਵਲੋਂ ਦੇਖਿਆ ਜਾਂਦਾ ਹੈ।