ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ 1 ਅਕਤੂਬਰ ਤੋਂ ਟੈਂਪਰੇਰੀ ਮਾਈਗ੍ਰੇਂਟਸ ਦੇ ਪਾਰਟਨਰ ਦੇ ਵਰਕ ਤੇ ਵੀਜੀਟਰ ਵੀਜਾ ਦੀ ਸਮਾਂ ਸੀਮਾ ਨੂੰ 1 ਸਾਲ ਤੋਂ ਵਧਾਉਂਦਿਆਂ 3 ਸਾਲ ਦਾ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਲੱਗੀਆਂ ਹਨ ਅਤੇ ਜੇ 1 ਅਕਤੂਬਰ ਜਾਂ ਉਸਤੋਂ ਬਾਅਦ ਉਨ੍ਹਾਂ ਦਾ ਵੀਜਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ 3 ਸਾਲ ਲਈ ਹੀ ਜਾਰੀ ਹੋਏਗਾ।
ਜੋ ਇਸ ਵੀਜਾ ਤਹਿਤ ਪਹਿਲਾਂ ਹੀ ਨਿਊਜੀਲੈਂਡ ਰਹਿ ਰਹੇ ਹਨ, ਉਨ੍ਹਾਂ ਦਾ ਵੀਜਾ ਆਪ-ਮੁਹਾਰੇ 3 ਸਾਲ ਲਈ ਨਹੀਂ ਵਧੇਗਾ, ਬਲਕਿ ਸਮਾਂ ਆਉਣ 'ਤੇ ਉਨ੍ਹਾਂ ਨੂੰ ਐਪਲੀਕੇਸ਼ਨ ਦੁਬਾਰਾ ਲਾਕੇ ਵੀਜਾ ਵਧਵਾਉਣਾ ਪਏਗਾ ਅਤੇ ਜੋ ਇਸ ਵੀਜਾ 'ਤੇ 12 ਮਹੀਨਿਆਂ ਤੋਂ ਘੱਟ ਸਮੇਂ ਤੋਂ ਨਿਊਜੀਲੈਂਡ ਇੱਕਠੇ ਜੋੜੇ ਦੇ ਰੂਪ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਅਜੇ 12 ਮਹੀਨਿਆਂ ਲਈ ਹੀ ਇਹ ਵੀਜਾ ਜਾਰੀ ਹੋਏਗਾ।