ਆਕਲੈਂਡ (ਹਰਪ੍ਰੀਤ ਸਿੰਘ) - 7 ਅਕਤੂਬਰ ਤੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਹੈ, ਜਿਸ ਤਹਿਤ ਮਾਲਕ ਨੂੰ ਵਿਦੇਸ਼ੀ ਕਾਮੇ ਦੀ ਭਰਤੀ ਤੋਂ ਪਹਿਲਾਂ ਵਰਕ ਐਂਡ ਇਨਕਮ ਨਿਊਜੀਲੈਂਡ ਵਿਭਾਗ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਪਏਗਾ, ਜਦਕਿ ਇਸ ਵੇਲੇ ਇਮੀਗ੍ਰੇਸ਼ਨ ਵਿਭਾਗ ਦੇ ਕਰਮਚਾਰੀ ਇਹ ਭੂਮਿਕਾ ਨਿਭਾਉਂਦੇ ਹਨ। ਵਰਕ ਐਂਡ ਇਨਕਮ ਨਿਊਜੀਲੈਂਡ ਵਿਭਾਗ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਅਧੀਨ ਕੰਮ ਕਰਦਾ ਹੈ ਅਤੇ ਕਈ ਤਰ੍ਹਾਂ ਦੀਆਂ ਇਮਪਲਾਇਮੈਂਟ ਅਤੇ ਫਾਇਨੈਂਸ਼ਲ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ।
ਹੁਣ ਇਮਪਲਾਇਰ ਨੂੰ ਸਿੱਧੇ ਤੌਰ 'ਤੇ ਇਸ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਸੰਤੁਸ਼ਟ ਕਰਨਾ ਪਏਗਾ ਕਿ ਉਸ ਵਲੋਂ ਵਿਦੇਸ਼ੀ ਕਾਮੇ ਦੀ ਭਰਤੀ ਤੋਂ ਪਹਿਲਾਂ ਨਿਊਜੀਲੈਂਡ ਤੋਂ ਲੋੜੀਂਦੀ ਪੁਜੀਸ਼ਨ ਭਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਉਸਨੂੰ ਸਹੀ ਮਾਇਨੇ ਵਿੱਚ ਪ੍ਰਵਾਸੀ ਕਰਮਚਾਰੀ ਦੀ ਲੋੜ ਹੈ। ਇਸ ਬਦਲਾਅ ਦਾ ਮੁੱਖ ਕਾਰਨ ਪ੍ਰਵਾਸੀ ਕਰਮਚਾਰੀ ਦੀ ਭਰਤੀ ਅਤੇ ਉਸ ਲਈ ਵਰਕ ਵੀਜਾ ਜਾਰੀ ਕਰਵਾਉਣ ਦੇ ਪ੍ਰੋਸੈਸ ਨੂੰ ਇਮਾਨਦਾਰੀ ਨਾਲ ਨੇਪਰੇ ਚੜਾਉਣ ਦਾ ਹੈ।