ਆਕਲੈਂਡ (ਹਰਪ੍ਰੀਤ ਸਿੰਘ) - ਬਿਊਟੀ ਸੈਲੁਨ ਵਿੱਚ ਕੰਮ ਕਰਦੀਆਂ ਇਹ ਬੀਬੀਆਂ ਨਿਊਜੀਲੈਂਡ ਇੱਕ ਚੰਗੇ ਭਵਿੱਖ ਲਈ ਆਪਣੇ ਪਰਿਵਾਰਾਂ ਨੂੰ ਛੱਡ ਤੇ ਹਜਾਰਾਂ ਡਾਲਰ ਦੀ ਮੋਟੀ ਰਕਮ ਕਰਜਿਆਂ ਦੇ ਰੂਪ ਵਿੱਚ ਖਰਚਕੇ ਇੱਥੇ ਪੁੱਜੀਆਂ ਸਨ, ਤਾਂ ਜੋ ਇਨ੍ਹਾਂ ਦੀ ਇੱਕ ਚੰਗੀ ਜਿੰਦਗੀ ਦੀ ਸ਼ੁਰੂਆਤ ਹੋ ਸਕੇ। ਪਰ ਅੱਜ ਦੇ ਦਿਨ ਇਹ ਪਾਪਾਟੋਏਟੋਏ ਦੇ ਗੁਰਦੁਆਰਾ ਸਾਹਿਬ ਤੋਂ ਲੰਗਰ ਖਾਕੇ ਗੁਜਾਰਾ ਕਰਨ ਨੂੰ ਮਜਬੂਰ ਹਨ।
ਇਨ੍ਹਾਂ ਚਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਸਾਂਝੇ ਰੂਪ ਵਿੱਚ ਕਰੀਬ $180,000 ਖਰਚਿਆ ਨਿਊਜੀਲੈਂਡ ਆਉਣ ਲਈ, ਪਰ ਦੀਵਾ ਹੇਅਰ ਐਂਡ ਬਿਉਟੀ ਸੈਲੁਨ ਮਾਲਕ ਯੋਗੇਸ਼ ਥਾਪਰ ਦਾ ਕਹਿਣਾ ਹੈ ਕਿ ਇਹ ਸਾਰੀਆਂ ਪ੍ਰਵਾਸੀ ਕਰਮਚਾਰੀ ਝੂਠੇ ਦਾਅਵੇ ਕਰ ਰਹੀਆਂ ਹਨ, ਜਦਕਿ ਇਨ੍ਹਾਂ ਬੀਬੀਆਂ ਦੀ ਮੰਨੀਏ ਤਾਂ ਇਨ੍ਹਾਂ ਕੋਲ ਅਦਾ ਕੀਤੀਆਂ ਰਕਮਾਂ ਦੇ ਸਬੂਤ ਵੀ ਹਨ, ਇੱਥੋਂ ਤੱਕ ਕਿ ਦੋਨਾਂ ਵਿਚਾਲੇ ਵਿਚੋਲੀਆ ਬਣੀ ਮੋਗੇ ਨਾਲ ਸਬੰਧਤ ਇੱਕ ਮੁਟਿਆਰ ਅਨੁਸਾਰ ਉਸਨੇ ਮਾਲਕ ਯੋਗੇਸ਼ ਥਾਪਰ ਨੂੰ ਤਾਂ $38,000 ਦੀ ਇੱਕ ਲੈਂਡਰੋਵਰ ਵੀ ਲੈ ਕੇ ਦਿੱਤੀ, ਜੋ ਇਸੇ ਡੀਲ ਦਾ ਹਿੱਸਾ ਸੀ। ਪਰ ਯੋਗੇਸ਼ ਇਸ ਸਭ ਤੋਂ ਮੁੱਕਰ ਰਿਹਾ ਹੈ।
ਇਨ੍ਹਾਂ ਬੀਬੀਆਂ ਚੋਂ ਇੱਕ ਅਨੀਤਾ ਵਰਮਾ ਅਨੁਸਾਰ, ਜੋ ਬੀਤੀ ਨਵੰਬਰ ਵਿੱਚ ਨਿਊਜੀਲੈਂਡ ਆਈ ਸੀ, ਨੇ ਦੱਸਿਆ ਕਿ ਇੱਕ ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਉਹ ਆਪਣੀ 2 ਸਾਲ ਦੀ ਬੱਚੀ ਤੇ ਪਤੀ ਨੂੰ ਇੰਡੀਆ ਛੱਡਕੇ ਹਜਾਰਾਂ ਡਾਲਰਾਂ ਦਾ ਕਰਜਾ ਚੁੱਕ ਇੱਥੇ ਆਈ ਸੀ, ਪਰ ਇੱਥੇ ਯੋਗੇਸ਼ ਦੇ ਸੈਲੁਨ 'ਤੇ ਕਈ ਮਹੀਨੇ ਕੰਮ ਕਰਨ ਤੋਂ ਬਾਅਦ ਵੀ ਉਸਨੂੰ ਇੱਕ ਡਾਲਰ ਵੀ ਅਦਾ ਨਹੀਂ ਕੀਤਾ ਗਿਆ। ਇਨ੍ਹਾਂ ਮਹਿਲਾਵਾਂ ਕੋਲ ਸਬੂਤ ਵਜੋਂ ਬੈਂਕ ਸਟੇਟਮੈਂਟਾਂ, ਫੋਨਾਂ ਦੀਆਂ ਪੰਜਾਬੀ ਵਿੱਚ ਰਿਕਾਰਡਿੰਗਾਂ ਵੀ ਮੌਜੂਦ ਹਨ, ਹਾਲਾਂਕਿ ਯੋਗੇਸ਼ ਇਨ੍ਹਾਂ ਸਾਰੇ ਦਾਅਵਿਆਂ ਨੂੰ ਬੇਬੁਨਿਆਦ ਦੱਸ ਰਿਹਾ ਹੈ।
ਹੁਣ ਇਨ੍ਹਾਂ ਮੁਟਿਆਰਾਂ ਨੂੰ ਇਨਸਾਫ ਪਤਾ ਨਹੀਂ ਮਿਲੇ ਨਾ ਮਿਲੇ, ਪਰ ਆਪਣੇ ਖੇਤੀਬਾੜੀ ਦੀ ਜਮੀਨ, ਆਪਣੇ ਘਰ ਵੇਚ ਅਤੇ ਕਰਜੇ ਚੁੱਕ ਨਿਊਜੀਲੈਂਡ ਪੁੱਜੀਆਂ ਇਨ੍ਹਾਂ ਮਹਿਲਾਵਾਂ ਲਈ ਵਾਪਸ ਆਪਣੇ ਘਰ ਇੰਡੀਆ ਪਰਤਣ ਲਈ ਕੁਝ ਨਹੀਂ ਬਚਿਆ ਹੈ।