ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੀ ਸਨੇਹਾ ਸਿਵਦਾਸ ਨੂੰ ਕੁਵੈਤ ਦਾ 9 ਸਾਲ ਦਾ ਕੰਮ ਦਾ ਅਨੁਭਵ ਹੈ ਤੇ ਕੁਵੈਤ ਵਿੱਚ ਉਸਦੀ ਵਧੀਆ ਨੌਕਰੀ ਵੀ ਸੀ, ਪਰ ਪਰਿਵਾਰ ਦੇ ਸੁਨਿਹਰੇ ਭਵਿੱਖ ਲਈ ਉਸਨੇ ਨਿਊਜੀਲੈਂਡ ਆਉਣ ਦੀ ਸੋਚੀ, ਇਸ ਲਈ ਉਸਨੇ ਜੁਲਾਈ 2023 ਵਿੱਚ ਲੋੜੀਂਦਾ ਕੰਪੀਟੇਂਸ ਅਸੈਸਮੈਂਟ ਪ੍ਰੋਗਰਾਮ (ਸੀਏਪੀ) ਵੀ ਪਾਸ ਕੀਤਾ, ਜੋ ਬਿਲਕੁਲ ਵੀ ਸੌਖਾ ਨਹੀਂ। ਪਰ ਨਿਊਜੀਲੈਂਡ ਵਿੱਚ ਪੁੱਜਣ ਤੋਂ ਬਾਅਦ ਹੁਣ ਤੱਕ ਉਸ ਨੂੰ ਕਈ ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਨੌਕਰੀ ਨਹੀਂ ਮਿਲੀ, ਕਈ ਥਾਵਾਂ 'ਤੇ ਉਸਨੇ ਇੰਟਰਵਿਊ ਦਿੱਤੀ ਤੇ ਆਖਿਰ ਥੱਕ ਹਾਰ ਕੇ ਉਸਨੇ ਹੁਣ ਵਾਪਿਸ ਇੰਡੀਆ ਜਾਣ ਦਾ ਮਨ ਬਣਾ ਲਿਆ ਹੈ। ਸਨੇਹਾ ਅਨੁਸਾਰ ਉਸਨੇ ਆਪਣੀ ਸੇਵਿੰਗਸ ਦਾ ਕਰੀਬ $20,000 ਇਸ ਸਭ 'ਤੇ ਖਰਚ ਦਿੱਤਾ ਹੈ ਤੇ ਹੁਣ ਉਸ ਕੋਲ ਪੈਸੇ ਨਹੀਂ ਬਚੇ ਹਨ।
ਦਰਅਸਲ ਸਨੇਹਾ ਅਤੇ ਉਸ ਜਿਹੀਆਂ ਹੋਰ ਨਰਸਾਂ ਇਕ ਤਕਨੀਕੀ ਖਾਮੀ ਦਾ ਸ਼ਿਕਾਰ ਹੋਈ ਹੈ, ਨੇਹਾ ਅਨੁਸਾਰ ਜੇ ਕੋਈ ਇਮਪਲਾਇਰ ਉਸਨੂੰ ਨੌਕਰੀ ਲਈ ਚੁਣਦਾ ਵੀ ਹੈ ਤਾਂ ਉਸਨੂੰ ਨਿਊਜੀਲੈਂਡ ਕੰਮ ਕਰਨ ਲਈ ਵਰਕ ਵੀਜੇ ਦੀ ਲੋੜ ਸੀ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਉਸਨੂੰ ਜੋਬ ਆਫਰ ਤੋਂ ਬਗੈਰ ਵਰਕ ਵੀਜਾ ਨਹੀਂ ਜਾਰੀ ਕਰ ਰਹੀ ਅਤੇ ਨਾਲ ਹੀ ਇਸ ਵੇਲੇ ਇਮਪਲਾਇਰ ਨਰਸਾਂ ਦੀ ਵੀਜਾ ਐਪਲੀਕੇਸ਼ਨ ਨੂੰ ਬਿਲਕੁਲ ਵੀ ਸੁਪੋਰਟ ਨਹੀਂ ਕਰ ਰਹੇ। ਇਸ ਪ੍ਰੇਸ਼ਾਨੀ ਦਾ ਸਾਹਮਣਾ ਸਿਰਫ ਸਨੇਹਾ ਹੀ ਨਹੀਂ ਬਲਕਿ ਹੋਰ ਵੀ ਸੈਂਕੜੇ ਨਰਸਾਂ ਕਰ ਰਹੀਆਂ ਹਨ, ਜਦਕਿ ਨਿਊਜੀਲੈਂਡ ਦੇ ਹੈਲਥ ਸਿਸਟਮ ਵਿੱਚ ਨਰਸਾਂ ਤੇ ਹੈਲਥ ਵਰਕਰਾਂ ਦੀ ਭਾਰੀ ਕਮੀ ਹੈ। ਲੋੜ ਹੈ ਇਸ ਵੇਲੇ ਸਿਸਟਮ ਵਿੱਚ ਸੁਧਾਰ ਦੀ ਤਾਂ ਜੋ ਨਿਊਜੀਲੈਂਡ ਆਉਣ ਵਾਲੀਆਂ ਨਰਸਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।