ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਕਈ ਕੀਤੇ ਜਾ ਰਹੇ ਅਣਗਿਣਤ ਸ਼ਲਾਘਾਯੋਗ ਕਾਰਜਾਂ ਵਿੱਚੋਂ ਇੱਕ ਸਿੱਖ ਚਿਲਡਰਨ ਡੇਅ ਵੀ ਹੈ, ਜਿਸਨੂੰ ਹਰ ਸਾਲ ਟਾਕਾਨਿਨੀ ਗੁਰੂਘਰ ਵਿਖੇ ਮਨਾਇਆ ਜਾਂਦਾ ਹੈ ਤੇ ਸੰਗਤਾਂ ਇਸ ਨੂੰ ਆਪਣੇ ਮੂੰਹੋਂ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਉਪਲਬਧੀ ਮੰਨ ਰਹੀਆਂ ਹਨ, ਜੋ ਨਾ ਸਿਰਫ ਨਿਊਜੀਲੈਂਡ ਜੰਮੇ-ਪਲੇ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਵਿੱਚ ਸਹਾਈ ਸਾਬਿਤ ਹੋ ਰਿਹਾ ਹੈ, ਬਲਕਿ ਭਾਈਚਾਰਿਕ ਸਾਂਝ ਬਣਾਈ ਰੱਖਣ ਵਿੱਚ ਵੀ ਪੂਰਾ ਯੋਗਦਾਨ ਦੇ ਰਿਹਾ ਹੈ।
2 ਦਿਨਾਂ ਦੇ ਇਸ ਮੈਗਾ ਇਵੈਂਟ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂਘਰ ਪੁੱਜਦੀਆਂ ਹਨ। ਇਸ ਮੌਕੇ ਐਨਜੈਡ ਪੰਜਾਬੀ ਨਿਊਜ ਦੀ ਟੀਮ ਨੇ ਲਾਈਵ ਹੋਕੇ ਜਦੋਂ ਮੌਕੇ 'ਤੇ ਮੌਜੂਦ ਸੰਗਤਾਂ ਨਾਲ ਗੱਲ ਕੀਤੀ ਤਾਂ ਹਰ ਕਿਸੇ ਦੇ ਮੂੰਹੋਂ ਸੁਪਰੀਮ ਸਿੱਖ ਸੁਸਾਇਟੀ, ਸਿੱਖ ਹੈਰੀਟੇਜ ਸਕੂਲ ਲਈ ਸ਼ੁਭ ਇੱਛਾਵਾਂ ਤੇ ਦੁਆਵਾਂ ਹੀ ਨਿਕਲੀਆਂ, ਸੰਗਤਾਂ ਹਾਮੀ ਭਰਦੀਆਂ ਦੱਸਦੀਆਂ ਹਨ ਕਿ ਕਿਵੇਂ ਪ੍ਰਬੰਧਕੀ ਟੀਮ, ਸੇਵਾਦਾਰ, ਅਧਿਆਪਿਕ ਤੇ ਹਰ ਇੱਕ ਸ਼ਖਸ ਬਿਨ੍ਹਾਂ ਕਿਸੇ ਨਿੱਜੀ ਸਵਾਰਥ ਇਸ ਦਿਨ ਨੂੰ ਸਾਰਥਕ ਬਨਾਉਣ ਵਿੱਚ ਦਿਲੋਂ ਮੱਦਦ ਕਰਦਾ ਹੈ ਤੇ ਸਭ ਤੋਂ ਉੱਤੇ ਛੋਟੇ-ਛੋਟੇ ਨਿਊਜੀਲੈਂਡ ਜੰਮੇ-ਪਲੇ ਬੱਚੇ ਜਦੋਂ ਗੁਰੂ ਫਤਹਿ ਬੁਲਾਕੇ ਗੱਲਬਾਤ ਸ਼ੁਰੂ ਕਰਦੇ ਦਿਖਦੇ ਹਨ ਤਾਂ ਇਹ ਨਿਊਜੀਲੈਂਡ ਦੇ ਸਿੱਖਾਂ ਲਈ ਕਿਸੇ ਵੱਡੇ ਮਾਣ ਤੇ ਉਪਲਬਧੀ ਤੋਂ ਘੱਟ ਨਹੀਂ।