ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਰਹਿਨੁਮਾਈ ਹੇਠ ਅੱਜ 35 ਖਿਡਾਰੀ ਪੁੱਜੇ ਨਿਊਜੀਲੈਂਡ
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਈਚਾਰੇ ਨੂੰ ਕਬੱਡੀ ਸੀਜਨ ਦਾ ਹਰ ਸਾਲ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਤੇ ਹੁਣ ਉਹ ਘੜੀ ਆ ਗਈ ਹੈ, ਜਦੋਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਕਰਵਾਇਆ ਜਾਂਦਾ ਕਬੱਡੀ ਟੂਰਨਾਮੈਂਟਾਂ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਵਾਰ ਹਰ ਸਾਲ ਦੀ ਤਰ੍ਹਾਂ ਇੰਡੀਆ ਅਤੇ ਪਾਕਿਸਤਾਨ ਤੋਂ ਵੀ ਵਿਸ਼ੇਸ਼ ਤੌਰ 'ਤੇ ਦਰਜਨਾਂ ਨਾਮਵਰ ਖਿਡਾਰੀ ਆਪਣੀ ਕਬੱਡੀ ਦੇ ਜੋਸ਼ ਨਾਲ ਭਰਪੂਰ ਨਿਊਜੀਲੈਂਡ ਪੁੱਜਣਗੇ।
13 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਕਬੱਡੀ ਸੀਜਨ ਲਈ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਰਹਿਨੁਮਾਈ ਹੇਠ ਇਨ੍ਹਾਂ ਖਿਡਾਰੀਆਂ ਦੇ ਨਿਊਜੀਲੈਂਡ ਪੱੁਜਣ ਦਾ ਦੌਰ ਸ਼ੁਰੂ ਹੋ ਗਿਆ ਹੈ।
ਅੱਜ ਆਕਲੈਂਡ ਏਅਰਪੋਰਟ ਤੇ 35 ਦੇ ਕਰੀਬ ਖਿਡਾਰੀ ਕੋਚ ਅਮਨ ਦੁੱਗਾਂ ਦੇ ਨਾਲ ਪੁੱਜ ਗਏ ਹਨ। ਇਸ ਤੋਂ ਬਾਅਦ ਹੋਰਾਂ ਖਿਡਾਰੀਆਂ ਦੇ ਆਉਣ ਦਾ ਦੌਰ ਜਾਰੀ ਰਹੇਗਾ, ਜਿਸਦੀ ਜਾਣਕਾਰੀ ਸਰੋਤਿਆਂ ਨੂੰ ਨਾਲ-ਨਾਲ ਦਿੱਤੀ ਜਾਏਗੀ।
ਇਸ ਵਾਰ ਦੇ ਕਬੱਡੀ ਸੀਜਨ ਦਾ ਪਹਿਲਾ ਟੂਰਨਾਮੈਂਟ 13 ਅਕਤੂਬਰ ਨੂੰ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ ਦੇ ਟੂਰਨਾਮੈਂਟ ਤੋਂ ਸ਼ੁਰੂ ਹੋਏਗਾ ਤੇ 26 ਨਵੰਬਰ ਟਾਕਾਨਿਨੀ ਗੁਰੂਘਰ ਦੇ ਟੂਰਨਾਮੈਂਟ ਨਾਲ ਸਮਾਪਤ ਹੋਏਗਾ।
ਇਸ ਵਾਰ ਦੇ ਕਬੱਡੀ ਸੀਜਨ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਖਿਡਾਰੀਆਂ ਦੇ ਜੌਹਰ ਦੇਖਣ ਨੂੰ ਮਿਲਣਗੇ।