ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਸ. ਦਲਜੀਤ ਸਿੰਘ ਹੋਣਾ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਂਦੀ 26 ਅਕਤੂਬਰ ਸ਼ਾਮ 5.30 ਵਜੇ ਆਸਟ੍ਰੇਲੀਆ ਦੇ ਮੈਲਬੋਰਨ ਤੋਂ ਆਕਲੈਂਡ ਏਅਰਪੋਰਟ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਪਵਿੱਤਰ ਸਰੂਪ ਪੁੱਜ ਰਹੇ ਹਨ। ਨਿਊਜੀਲੈਂਡ ਦੇ ਵੱਖੋ-ਵੱਖ ਗੁਰੂਘਰਾਂ ਤੋਂ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਇਨ੍ਹਾਂ ਪਵਿੱਤਰ ਸਰੂਪਾਂ ਨੂੰ ਲਿਆਉਣ ਲਈ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸਰੂਪਾਂ ਦੇ ਸੁਆਗਤ ਲਈ ਨਿਊਜੀਲੈਂਡ ਦੇ 22 ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਕਲੈਂਡ ਏਅਰਪੋਰਟ ਪੁੱਜਣਗੇ।
ਨਿਊਜੀਲੈਂਡ ਤੋਂ 120 ਸੰਗਤਾਂ ਦਾ ਜੱਥਾ 25 ਤਾਰੀਖ ਨੂੰ ਮੈਲਬੋਰਨ ਲਈ ਇਨ੍ਹਾਂ ਪਵਿੱਤਰ ਸਰੂਪਾਂ ਨੂੰ ਲਿਆਉਣ ਲਈ ਰਵਾਨਾ ਹੋਏਗਾ।
ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਲਈ ਏਅਰ ਨਿਊਜੀਲੈਂਡ ਦੇ ਪੂਰੇ ਕੈਬਿਨ ਦੀ ਬੁਕਿੰਗ ਕੀਤੀ ਗਈ ਹੈ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇਨ੍ਹਾਂ ਸਰੂਪਾਂ ਨਾਲ ਆਕਲੈਂਡ ਪੁੱਜ ਰਹੇ ਹਨ। ਗੁਰੂ ਸਾਹਿਬ ਦੇ ਸਨਮਾਨ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਹਰ ਨਿਯਮ ਦੀ ਪਾਲਣਾ ਕੀਤੀ ਜਾਏਗੀ।
ਸੰਗਤਾਂ ਨੂੰ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੇ ਸੁਆਗਤ ਲਈ ਆਕਲੈਂਡ ਏਅਰਪੋਰਟ ਪੁੱਜਣ ਦੀ ਬੇਨਤੀ ਹੈ, ਪਰ ਕਿਉਂਕਿ ਇਹ ਲੇਬਰ ਡੇਅ ਮੌਕੇ ਦਾ ਲੋਂਗ ਵੀਕੈਂਡ ਹੈ ਤੇ ਏਅਰਪੋਰਟ 'ਤੇ ਪੂਰੀ ਭੀੜ ਹੋਏਗੀ, ਨਾਲ ਹੀ ਕਾਰ ਪਾਰਕਿੰਗ ਦੀ ਵੀ ਦਿੱਕਤ ਹੋ ਸਕਦੀ ਹੈ, ਸੋ 4-5 ਜਣੇ ਰੱਲਕੇ ਇੱਕ ਕਾਰ ਵਿੱਚ ਪੁੱਜਣ ਤਾਂ ਜੋ ਅਜਿਹੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ 31 ਸਰੂਪ 2010 ਵਿੱਚ ਨਿਊਜੀਲੈਂਡ ਪੁੱਜੇ ਸਨ ਤੇ ਹੁਣ ਕਰੀਬ 14 ਸਾਲਾਂ ਬਾਅਦ ਇਹ ਵੱਡਭਾਗਾ ਸਮਾਂ ਨਿਊਜੀਲੈਂਡ ਦੀਆਂ ਸੰਗਤਾਂ ਲਈ ਮੁੜ ਆਇਆ ਹੈ।