ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਕਾਂਸਟੇਬਲ ਪੋਲ ਸ਼ਾਰਪਲਜ਼ ਅਦਾਲਤ ਵਿੱਚ ਚੱਲ ਰਹੇ ਟ੍ਰਾਇਲ ਵਿੱਚ ਦੱਸਦੇ ਹਨ ਕਿ ਜਦੋਂ ਉਹ ਹਿੰਮਤਜੀਤ ਜਿੰਮੀ ਸਿੰਘ ਕਾਹਲੋਂ ਦੇ ਮੈਨੂਕਾਊ ਯੂਨਿਟ ਵਿੱਚ ਪੁੱਜੇ ਤਾਂ ਉੱਥੋਂ ਦਾ ਵੱਖਰਾ ਹੀ ਨਜਾਰਾ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੈ।
ਯੂਨਿਟ ਵਿੱਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ, ਪੁਲਿਸ ਨੇ ਹਜਾਰਾਂ ਕੇਨ ਮੈੱਥ ਰਲੀ ਬੀਅਰ ਦੇ ਨਾਲ ਠੋਸ ਰੂਪ ਵਿੱਚ ਵੀ ਕਈ ਸੈਂਕੜੇ ਕਿਲੋ ਮੈੱਥ ਮੌਕੇ ਤੋਂ ਬਰਾਮਦ ਕੀਤੀ। ਅਜਿਹੀ ਹੀ ਇੱਕ ਬੀਅਰ ਪੀਣ ਕਾਰਨ ਆਇਦਨ ਸਗਾਲਾ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸਦੀ ਮੌਤ ਦੇ ਮਾਮਲੇ ਵਿੱਚ
ਹਿੰਮਤਜੀਤ ਜਿੰਮੀ ਸਿੰਘ ਕਾਹਲੋਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਜਿੰਮੀ ਕਾਹਲੋਂ ਦੇ ਦੋਸਤ ਨੇ ਇਸ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੱਗੇ ਦੋਸ਼ ਕਬੂਲ ਲਏ ਹਨ, ਜੋ ਕਿ ਇੱਕ ਪੰਜਾਬੀ ਨੌਜਵਾਨ ਹੈ, ਪਰ ਉਸਦਾ ਨਾਮ ਗੁਪਤ ਰੱਖਿਆ ਗਿਆ ਹੈ।
ਜਿੰਮੀ ਕਾਹਲੋਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ ਤੇ ਉਸਦੀ ਵਕੀਲ ਰਾਂਹੀ ਉਸ ਦਾ ਕਹਿਣਾ ਹੈ ਕਿ ਉਸਦੇ ਦੋਸਤ ਨੇ ਉਸਨੇ ਨਾਲ ਧੋਖਾ ਕੀਤਾ ਹੈ, ਉਸਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਸਦਾ ਦੋਸਤ ਇੱਕ ਨਸ਼ਾ ਤਸਕਰੀ ਕਾਰੋਬਾਰੀ ਹੈ।
ਪਰ ਦੂਜੇ ਪਾਸ ਆਇਦਨ ਸਗਾਲਾ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਕਾਹਲੋਂ ਆਇਦਨ ਦੇ ਕੋਮਾ ਵਿੱਚ ਜਾਣ ਮਗਰੋਂ ਉਨ੍ਹਾਂ ਘਰ ਆਇਆ ਤਾਂ ਉਹ ਉਨ੍ਹਾਂ ਨੂੰ ਵਾਰ-ਵਾਰ ਹੋਰ ਬੀਅਰ ਹੋਣ ਬਾਰੇ ਪੁੱਛ ਰਿਹਾ ਸੀ, ਜਦਕਿ ਉਸਨੂੰ ਆਇਦਨ ਦੀ ਸਿਹਤ ਨੂੰ ਲੈਕੇ ਕੋਈ ਚਿੰਤਾ ਨਹੀਂ ਸੀ।
ਹੁਣ ਜਿਊਰੀ ਨੂੰ ਇਸ ਮਾਮਲੇ ਵਿੱਚ ਇਹ ਸਾਬਿਤ ਕਰਨਾ ਹੈ ਕਿ ਜਦੋਂ ਸਗਾਲਾ ਨੂੰ ਮੈੱਥ ਰਲੀ ਬੀਅਰ ਦਿੱਤੀ ਗਈ ਤਾਂ ਉਸ ਵੇਲੇ ਕਾਹਲੋਂ ਨੂੰ ਮੈੱਥ ਬੀਅਰ ਵਿੱਚ ਰਲੀ ਹੋਣ ਬਾਰੇ ਪਤਾ ਸੀ।