ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟ ਨਾਰਥ ਰਹਿੰਦੇ ਕਾਰੋਬਾਰੀ ਬਲਦੀਪ ਸਿੰਘ ਬੱਲਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਹੈ। ਬਲਦੀਪ ਸਿੰਘ ਇੱਕ ਕਬੱਡੀ ਖਿਡਾਰੀ ਵੀ ਰਹਿ ਚੁੱਕੇ ਸਨ।
ਜਿੱਥੇ ਉਹ ਸਰੀਰਕ ਤੌਰ ਤੇ ਫਿੱਟ ਅਤੇ ਰੋਜਾਨਾ ਜਿੰਮ ਕਰਦੇ ਸਨ ਨਾਲ ਹੀ ਉਨ੍ਹਾਂ ਨੂੰ ਘੋੜੇ ਰੱਖਣ ਦਾ ਵੀ ਸ਼ੌਂਕ ਸੀ ਤੇ ਵੱਡੇ ਪੱਧਰ ਦੀਆਂ ਰੇਸਾਂ ਵਿੱਚ ਨਸਲੀ ਤੇ ਕੀਮਤੀ ਘੋੜੇ ਲੈਕੇ ਜਾਇਆ ਕਰਦੇ ਸਨ। ਉਹ ਆਪਣੇ ਮਗਰ ਆਪਣੀ ਪਤਨੀ ਤੇ ਇੱਕ ਬੇਟਾ ਛੱਡ ਗਏ ਹਨ।
ਬਲਦੀਪ ਸਿੰਘ ਬੱਲਾ 1987 ਵਿੱਚ ਨਿਊਜੀਲੈਂਡ ਆਏ ਸਨ ਅਤੇ ਇੰਡੀਆ ਤੋਂ ਕਪੂਰਥਲੇ ਦੇ ਮਾਂਗੇਵਾਲ ਪਿੰਡ ਨਾਲ ਸਬੰਧਤ ਸਨ। ਪਰਿਵਾਰ ਵਲੋਂ ਅੰਤਿਮ ਸੰਸਕਾਰ ਬਾਰੇ ਜਲਦ ਹੀ ਵੇਰਵਾ ਦਿੱਤਾ ਜਾਏਗਾ।
ਬਲਦੀਪ ਸਿੰਘ ਰਿਸ਼ਟਪੁਸ਼ਟ ਜਿੰਦਗੀ ਬਤੀਤ ਕਰ ਰਹੇ ਸਨ। ਪਰ ਐਤਵਾਰ ਸਵੇਰੇ ਉਨ੍ਹਾਂ ਨੂੰ ਕਾਫੀ ਮੇਜਰ ਹਾਰਟ ਅਟੈਕ ਆਇਆ, ਜਿਸਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ 'ਤੇ ਸਨ ਤੇ ਅੱਜ ਹਸਪਤਾਲ ਵਿੱਚ ਹੀ ਉਨ੍ਹਾਂ ਅੰਤਿਮ ਸਾਹ ਲਏ।
ਉਹ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਸੁਪਰੀਮ ਸਿੱਖ ਸੁਸਾਇਟੀ ਦੇ ਬੀਤੇ 30 ਸਾਲਾਂ ਤੋਂ ਮੈਬਰ ਸਨ । ਉਨ੍ਹਾਂ ਦੇ ਭਰਾ ਭੁਪਿੰਦਰ ਸਿੰਘ ਪਾਲਮਰਸਟਨ ਨਾਰਥ ਗੁਰਦੁਆਰਾ ਸਾਹਿਬ ਦੇ ਪ੍ਰੈਜੀਡੈਂਟ ਹਨ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਅਤੇ ਨਿਊਜੀਲੈਂਡ ਸੈਂਟਰਲ ਸਿੱਖ ਅਸੋਸੀਏਸ਼ਨ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।