ਆਕਲੈਂਡ (ਹਰਪ੍ਰੀਤ ਸਿੰਘ) - ਖਾਲਿਸਤਾਨ ਨੂੰ ਬਨਾਉਣ ਦੇ ਮੁੱਦੇ 'ਤੇ ਨਿਊਜੀਲੈਂਡ ਦੇ ਆਕਲੈਂਡ ਦੇ ਓਟੀਆ ਸਕੁਏਰਰ ਵਿੱਚ ਹੋਏ ਰੈਂਫਰੇਂਡਮ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ। ਇਹ ਰੈਫਰੇਂਡੇਮ ਅਮਰੀਕੀ ਜੱਥੇਬੰਦੀ ਸਿਖਸ ਫਾਰ ਜਸਟਿਸ ਵਲੋਂ ਕਰਵਾਇਆ ਗਿਆ ਸੀ। ਜਿਨ੍ਹਾਂ ਨੇ ਪਹਿਲਾਂ ਵੀ ਰੈਫਰੇਂਡਮ ਸਬੰਧੀ ਅਜਿਹੀ ਵੋਟਿੰਗ ਕੈਨੇਡਾ, ਆਸਟ੍ਰੇਲੀਆ ਤੇ ਯੂਕੇ ਵਿੱਚ ਕਰਵਾਈ ਹੈ। ਸਿਖਸ ਫਾਰ ਜਸਟਿਸ ਪ੍ਰੈਜੀਡੈਂਟ ਅਵਤਾਰ ਸਿੰਘ ਪੰਨੂੰ ਇਸ ਰੈਫਰੇਂਡੇਮ ਸਬੰਧੀ ਹੋਣ ਵਾਲੀ ਵੋਟਿੰਗ ਨੂੰ ਲੈਕੇ ਬੀਤੇ ਕਰੀਬ 1 ਮਹੀਨੇ ਤੋਂ ਨਿਊਜੀਲੈਂਡ ਵਿੱਚ ਹਨ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਅੱਜ ਦਾ ਦਿਨ ਖਾਲਿਸਤਾਨ ਦੀ ਹੌਂਦ ਨੂੰ ਲੈਕੇ ਵੱਡਾ ਦਿਨ ਹੈ ਤੇ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਰਹਿੰਦੇ ਸਿੱਖਾਂ ਦਾ ਇਸ ਮੌਕੇ ਹਾਜਿਰ ਹੋਣਾ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੈ। ਹਾਲਾਂਕਿ ਮਾਹਿਰਾਂ ਨੇ ਇਸ ਰੈਫਰੇਂਡਮ ਦਾ ਨਿਊਜੀਲੈਂਡ ਵਿੱਚ ਹੋਣਾ ਚਿੰਤਾਜਣਕ ਦੱਸਿਆ ਹੈ, ਕਿਉਂਕਿ ਇਸ ਨਾਲ ਨਿਊਜੀਲੈਂਡ ਤੇ ਭਾਰਤ ਵਿਚਾਲੇ ਤਣਾਅ ਪੈਦਾ ਹੋ ਸਕਦਾ ਹੈ।
ਹਰਿੰਦਰ ਸਿੰਘ ਜੋ ਪਾਪਾਟੋਏਟੋਏ ਵਿੱਚ ਸ਼ੇਰਏਪੰਜਾਬ ਰੈਸਟੋਰੈਂਟ ਚਲਾਉਂਦੇ ਹਨ ਦਾ ਕਹਿਣਾ ਹੈ ਕਿ ਉਹ 38 ਸਾਲ ਤੋਂ ਨਿਊਜੀਲੈਂਡ ਵਿੱਚ ਹਨ, ਪਰ ਉਨ੍ਹਾਂ ਅੱਜ ਤੱਕ ਭਾਰਤ ਦਾ ਪਾਸਪੋਰਟ ਨਹੀਂ ਤਿਆਗਿਆ, ਕਿਉਂਕਿ ਉਹ ਭਾਰਤ ਤੇ ਭਾਰਤ ਵਾਸੀਆਂ ਨਾਲ ਪਿਆਰ ਕਰਦੇ ਹਨ, ਪਰ ਬੀਤੇ ਕੁਝ ਸਮੇਂ ਤੋਂ ਭਾਰਤ ਵਿੱਚ ਬਹੁਤ ਬਦਲਾਅ ਹੋਇਆ ਹੈ, ਜਿੱਥੇ ਕਿਸੇ ਘਟਨਾ ਨੂੰ ਲੈਕੇ ਕਿਸੇ ਵਿਅਕਤੀ ਵਿਸ਼ੇਸ਼ ਦੇ ਘਰ-ਪਰਿਵਾਰ ਜਾਂ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਇਸੇ ਕਾਰਨ ਉਨ੍ਹਾਂ ਖਾਲਿਸਤਾਨ ਦਾ ਸਮਰਥਨ ਕੀਤਾ ਹੈ।
ਬਾਕੀ ਗੱਲ ਰਹੀ ਨਿਊਜੀਲੈਂਡ ਵੱਸਦੇ ਹਿੰਦੂ ਭਾਈਚਾਰੇ ਦੀ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਹੁਤ ਦੋਸਤ ਹਿੰਦੂ ਹਨ ਤੇ ਉਨ੍ਹਾਂ ਨਾਲ ਪਰਿਵਾਰਿਕ ਰਿਸ਼ਤੇ ਵੀ ਹਨ, ਨਾ ਤਾਂ ਉਨ੍ਹਾਂ ਨਾਲ ਕਦੇ ਇਸ ਮੁੱਦੇ ਨੂੰ ਲੈਕੇ ਵਿਗੜੀ ਹੈ ਤੇ ਨਾ ਹੀ ਉਹ ਵਿਗਾੜਣਗੇ।