ਆਕਲੈਂਡ (ਹਰਪ੍ਰੀਤ ਸਿੰਘ) - ਵਿਦੇਸ਼ਾਂ ਵਿੱਚ ਇਸ ਵੇਲੇ ਚੱਲ ਰਿਹਾ ਆਰਥਿਕ ਮੰਦੀਆਂ ਦਾ ਦੌਰ ਬਹੁਤ ਔਖਾ ਹੈ ਤੇ ਅਜਿਹੇ ਵਿੱਚ ਆਰਜੀ ਤੌਰ 'ਤੇ ਵਿਦੇਸ਼ਾਂ ਵਿੱਚ ਵੱਸਣ ਵਾਲੇ ਨੌਜਵਾਨਾਂ ਲਈ ਇਹ ਸਮਾਂ ਕਾਫੀ ਸੰਘਰਸ਼ ਭਰਿਆ ਸਾਬਿਤ ਹੋ ਰਿਹਾ ਹੈ ਤੇ ਕਈ ਵਾਰ ਇਹ ਸੰਘਰਸ਼ ਨਾ ਸਹਾਰਦੇ ਹੋਏ ਕਈ ਨੌਜਵਾਨ ਇਨ੍ਹਾਂ ਸੰਘਰਸ਼ਾਂ ਹੱਥੋਂ ਹਾਰ ਮੰਨ, ਜਿੰਦਗੀ ਖਤਮ ਕਰਨ ਦਾ ਗਲਤ ਫੈਸਲਾ ਲੈ ਬੈਠਦੇ ਹਨ ਤੇ ਪਿੱਛੇ ਪਰਿਵਾਰਾਂ ਲਈ ਰਹਿ ਜਾਂਦਾ ਹੈ ਸਾਰੀ ਉਮਰ ਦਾ ਪਛਤਾਵਾ। ਅਜਿਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਦੇ ਟੋਰੰਟੋ ਤੋਂ , ਜਿੱਥੇ ਸੁਖਪ੍ਰੀਤ ਸਿੰਘ ਨਾਮ ਦੇ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਸੁਖਪ੍ਰੀਤ ਜੋ ਕਿ ਪਤਨੀ ਤੇ ਬੱਚੇ ਸਮੇਤ ਕੁਝ ਸਮਾਂ ਪਹਿਲਾਂ ਆਰਜੀ ਵੀਜੇ 'ਤੇ ਕੈਨੇਡਾ ਗਿਆ ਸੀ, ਇਸ ਸਭ ਲਈ ਉਸਨੇ ਆਪਣਾ ਸਭ ਕੁਝ ਵੇਚ-ਵੱਟ ਦਿੱਤਾ ਸੀ। ਕੈਨੇਡਾ ਵਿੱਚ ਵੀ ਉਹ ਸੈੱਟ ਨਹੀਂ ਹੋ ਸਕਿਆ ਸੀ ਤੇ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਿਹਾ ਸੀ, ਤੇ ਇਸੇ ਕਾਰਨ ਉਸਨੇ ਆਪਣੀ ਜਿੰਦਗੀ ਖਤਮ ਕਰਨ ਦਾ ਗਲਤ ਫੈਸਲਾ ਚੁਣ ਲਿਆ। ਸੁਖਪ੍ਰੀਤ ਮੋਗੇ ਦੇ ਚੜਿੱਕ ਨਾਲ ਸਬੰਧਤ ਸੀ।