ਆਕਲੈਂਡ (ਹਰਪ੍ਰੀਤ ਸਿੰਘ) - ਹਰੀਕੇਨ ਹਲੀਨੀ ਨੇ ਅਮਰੀਕਾ ਦੀਆਂ ਸਟੇਟਾਂ ਫਲੋਰੀਡਾ, ਜੋਰਜੀਆ, ਸਾਊਥ ਕੇਰੋਲਾਈਨਾ, ਟੈਨੀਜ਼ੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਹਜਾਰਾਂ ਲੋਕ ਅਜੇ ਵੀ ਲਾਪਤਾ ਹਨ, ਮੌਤਾਂ ਦੀ ਅਧਿਕਾਰਿਤ ਗਿਣਤੀ 160 ਦਾ ਆਂਕੜਾ ਪਾਰ ਕਰ ਚੁੱਕੀ ਹੈ ਤੇ 600 ਤੋਂ ਪਾਰ ਪੁੱਜ ਸਕਦੀ ਹੈ। ਕਰੀਬ 20 ਲੱਖ ਲੋਕ ਅਜੇ ਵੀ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ। ਰਾਹਤ ਸਮਗਰੀ ਜਹਾਜਾਂ ਰਾਂਹੀ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀ ਹੈ। ਇਸ ਤੂਫਾਨ ਕਾਰਨ ਅਰਬਾਂ ਡਾਲਰਾਂ ਦੇ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। 1950 ਤੋਂ ਬਾਅਦ ਆਏ ਮਾਰੂ ਤੂਫਾਨਾਂ ਵਿੱਚੋਂ ਹਰੀਕੇਨ ਹਲੀਨੀ ਅਮਰੀਕੀ ਇਤਿਹਾਸ ਦੇ 10 ਸਭ ਤੋਂ ਮਾਰੂ ਤੂਫਾਨਾਂ ਵਿੱਚ ਸ਼ੁਮਾਰ ਹੋ ਗਿਆ ਹੈ। ਇਸ ਤੂਫਾਨ ਦੀ ਤਾਕਤ ਇਨੀਂ ਜਿਆਦਾ ਸੀ ਕਿ 200 ਤੋਂ ਵਧੇਰੇ ਕਿਲੋਮੀਟਰ ਰਫਤਾਰ ਵਾਲੀਆਂ ਤੂਫਾਨੀ ਹਵਾਵਾਂ ਨੇ ਨਾ ਸਿਰਫ ਘਰ, ਬਲਕਿ ਕਈ ਪੁੱਲ, ਸੜਕਾਂ ਅਤੇ ਸੈਂਕੜੇ ਇਮਾਰਤਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ। ਅਧਿਕਾਰਿਤ ਰੂਪ ਵਿੱਚ ਮੰਨਿਆ ਜਾ ਰਿਹਾ ਹੈ ਕਿ ਤੂਫਾਨ ਤੋਂ ਬਾਅਦ ਸਾਫ-ਸਫਾਈ ਦੇ ਕਾਰਜ ਨੂੰ ਵੀ ਕਈ ਹਫਤਿਆਂ ਦਾ ਸਮਾਂ ਲੱਗੇਗਾ