Wednesday, 16 October 2024
14 October 2024 World

U.K. ਦੇ ਪੰਜਾਬੀ ਬੱਸ ਡਰਾਈਵਰ ਨੇ ਮਚਾਇਆ ਤਹਿਲਕਾ

U.K. ਦੇ ਪੰਜਾਬੀ ਬੱਸ ਡਰਾਈਵਰ ਨੇ ਮਚਾਇਆ ਤਹਿਲਕਾ - NZ Punjabi News
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਿਆਣੇ ਕਹਿੰਦੇ ਹਨ ਕਿ ਨਿਰੰਤਰ ਕੀਤੀ ਮਿਹਨਤ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇੰਗਲੈਂਡ ਦੀ ਧਰਤੀ 'ਤੇ ਵਸਦੇ ਰਣਜੀਤ ਸਿੰਘ ਵੀਰ ਦੀ ਮਿਹਨਤ ਤੋਂ ਲਿਆ ਜਾ ਸਕਦਾ ਹੈ। ਆਪਣੇ ਮਨ ਦੇ ਸਕੂਨ ਲਈ ਉਹ ਨਿੱਤਨੇਮੀ ਕੀਰਤਨੀਏ ਵਜੋਂ ਮਿਹਨਤ ਕਰਦੇ ਹਨ ਤੇ ਪਰਿਵਾਰ ਦਾ ਪੇਟ ਪਾਲਣ ਲਈ ਬੱਸ ਕੰਪਨੀ ਨੈਸ਼ਨਲ ਐਕਸਪ੍ਰੈੱਸ ਵਿੱਚ ਬੱਸ ਡਰਾਈਵਰ ਵਜੋਂ ਨੌਕਰੀ ਕਰਦੇ ਹਨ। ਉਹਨਾਂ ਆਪਣੇ ਗਾਉਣ ਦੇ ਸ਼ੌਕ ਨੂੰ ਵੀ ਜਿਉਂਦਾ ਰੱਖਿਆ ਹੋਇਆ ਹੈ। ਬੀਤੇ ਦਿਨ ਰਣਜੀਤ ਸਿੰਘ ਵੀਰ ਆਪਣੇ ਨਵੇਂ ਗੀਤ "ਬੱਸ ਰੂਟ" ਨਾਲ ਮੁੜ ਸੰਗੀਤ ਜਗਤ ਵਿੱਚ ਦਸਤਕ ਦੇਣ ਪਹੁੰਚੇ ਹਨ। ਇਸ ਗੀਤ ਦੀ ਖਾਸੀਅਤ ਇਹ ਹੈ ਕਿ ਬਰਮਿੰਘਮ ਇਲਾਕੇ ਦੇ ਬੱਸ ਰੂਟਾਂ 'ਤੇ ਚਲਦੀਆਂ ਬੱਸਾਂ ਦਾ ਬਹੁਤ ਬਰੀਕੀ ਨਾਲ ਵਿਖਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਲਿਖਿਆ ਵੀ ਰਣਜੀਤ ਸਿੰਘ ਵੀਰ ਨੇ ਹੈ ਤੇ ਸੰਗੀਤ ਹਰਜਿੰਦਰ ਸਿੰਘ ਧੀਮਾਨ ਨੇ ਤਿਆਰ ਕੀਤਾ ਹੈ। ਨਮਨ ਫਿਲਮਜ਼ ਵੱਲੋਂ ਪਨਮ ਵਰਮਾ ਨੇ ਗੀਤ ਦੀ ਵੀਡੀਓ ਨੂੰ ਪੂਰੀ ਰੂਹ ਨਾਲ ਫਿਲਮਾ ਕੇ ਆਪਣੇ ਆਪ ਨੂੰ ਉੱਚਕੋਟੀ ਦੇ ਫਿਲਮਕਾਰਾਂ ਵਿੱਚ ਸ਼ੁਮਾਰ ਕਰਵਾਉਣ ਦੀ ਕੋਈ ਕਸਰ ਨਹੀਂ ਛੱਡੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਵੀਰ ਬੱਸ ਡਰਾਈਵਰ ਦੇ ਰੋਜ਼ਾਨਾ ਕੰਮ ਦੀ ਭੱਜਦੌੜ ਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਗੀਤ "ਬੱਸ ਡਰਾਈਵਰ" ਗਾ ਕੇ ਲਗਭਗ ਹਰ ਘਰ ਤੱਕ ਆਪਣੀ ਪਹੁੰਚ ਤੇ ਪਛਾਣ ਬਣਾ ਚੁੱਕੇ ਹਨ। ਜਦੋਂ ਬੱਸ ਡਰਾਈਵਰ ਗੀਤ ਲੋਕ ਅਰਪਣ ਹੋਇਆ ਸੀ ਤਾਂ ਐਨਾ ਵੱਡਾ ਧਮਾਕਾ ਹੋਇਆ ਕਿ ਇੰਟਰਨੈਸ਼ਨਲ ਮੀਡੀਆ ਨੇ ਰਣਜੀਤ ਸਿੰਘ ਵੀਰ ਦੇ ਇਸ ਗੀਤ ਦੀ ਚਰਚਾ ਆਪ ਮੁਹਾਰੇ ਹੀ ਕੀਤੀ। ਰਣਜੀਤ ਸਿੰਘ ਵੀਰ ਲਗਭਗ ਹਰ ਅੰਗਰੇਜੀ ਚੈਨਲ 'ਤੇ ਇੰਟਰਵਿਊ ਦਿੰਦੇ ਦਿਖਾਈ ਦਿੱਤੇ। ਉਹਨਾਂ ਦੇ ਇਸ ਗੀਤ ਦਾ ਵਧੀਆ ਪਹਿਲੂ ਇਹ ਰਿਹਾ ਸੀ ਕਿ ਉਹ ਪੰਜਾਬੀ ਜ਼ੁਬਾਨ, ਦਸਤਾਰ ਤੇ ਸਿੱਖ ਪਹਿਚਾਣ ਨੂੰ ਘਰ ਘਰ ਲੈ ਕੇ ਜਾਣ 'ਚ ਕਾਮਯਾਬ ਹੋਏ ਹਨ। ਬੇਸ਼ੱਕ ਉਹਨਾਂ ਦੀਆਂ ਦਰਜਨਾਂ ਮੁਲਾਕਾਤਾਂ ਅੰਗਰੇਜੀ ਚੈਨਲਾਂ 'ਤੇ ਹੋਈਆਂ ਪਰ ਰਣਜੀਤ ਸਿੰਘ ਵੀਰ ਦੀ ਸ਼ਰਤ ਇਹੀ ਹੁੰਦੀ ਸੀ ਕਿ ਉਹ ਜਵਾਬ ਸਿਰਫ ਪੰਜਾਬੀ ਵਿੱਚ ਹੀ ਦੇਣਗੇ। ਜਿਸ ਕਾਰਨ ਹਰ ਇੰਟਰਵਿਊ ਦੌਰਾਨ ਚੈਨਲਾਂ ਵੱਲੋਂ ਦੁਭਾਸ਼ੀਏ ਦਾ ਇੰਤਜਾਮ ਕੀਤਾ ਜਾਂਦਾ ਰਿਹਾ ਸੀ। ਅੱਜ ਜਦੋਂ ਮੁੜ ਰਣਜੀਤ ਸਿੰਘ ਵੀਰ ਦੇ ਗਈ "ਬੱਸ ਰੂਟ" ਨੇ ਤਹਿਲਕਾ ਮਚਾਇਆ ਹੋਇਆ ਹੈ ਤਾਂ ਰਣਜੀਤ ਸਿੰਘ ਵੀਰ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ "ਇਨਸਾਨ ਨੂੰ ਨੇਕਦਿਲੀ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਮਾਲਕ ਆਪੇ ਫਲ ਦਿੰਦਾ ਹੈ।
ADVERTISEMENT
NZ Punjabi News Matrimonials